ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਾਈ ਵੀਰ ਸਿੰਘ

ਭਾਈ ਵੀਰ ਸਿੰਘ(5 ਦਸੰਬਰ, 1872 ਤੋਂ 10 ਜੂਨ, 1957 ਤੱਕ) ਭਾਈ ਵੀਰ ਸਿੰਘ ਪੰਜਾਾਬੀ ਸਾਹਿਤ ਸਿਰਜਨਾ ਵਿੱਚ ਸ਼ਬਦ ਅਤੇ ਸਾਖੀ ਦੇ ਅਨੁਭਵ ਨੂੰ ਸਿਰਜਨਾਤਮਕ ਰੂਪ ਵਿੱਚ ਪੇਸ਼ ਕਰਦੇ ਹਨ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਭੂਮਿਕਾ ਜਿਲਦ ਪਹਿਲੀ ਵਿੱਚ ਸੰਸਾਰ ਇਤਿਹਾਸ ਅਤੇ ਸਿੱਖ ਇਤਿਹਾਸਿਕ ਪਰਿਪੇਖ ਦੀ ਵਿਆਖਿਆ ਪ੍ਰਸਤਾ ਕਰਦੇ ਹਨ। ਸੰਸਾਰ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਇਤਿਹਾਸ ਦੇ ਤਿੰਨ ਪ੍ਰਮੁੱਖ ਰੂਪਾਂ ਸਾਹਿਤਕ ਭਾਵ, ਬ੍ਰਿਤਾਂਤਿਕ ਭਾਵ ਅਤੇ ਅਧਿਆਤਮਕ ਭਾਵ ਸੰਬੰਧੀ ਇਹ ਨੁਕਤਾ ਪ੍ਰਮੁਖ ਰੂਪ ਵਿੱਚ ਉਘਾੜਦੇ ਹਨ ਕਿ “ਸੱਤ ਪਦਾਰਥ ਜੋ ਕਿ ਇਕ ਸੂਖਮ ਮਾਨਸਿਕ ਵਸਤੂ ਹੈ, ਆਪਣੇ ਆਪ ਨੂੰ ਘੜ ਰਿਹਾ ਹੈ ਪੂਰਨ ਕਰ ਰਿਹਾ ਹੈ ‘ਤੇ ਉਸਦਾ ਇਹ ਕਰਤੱਵ ਮਨੁਖ ਮਾਤ੍ਰਾ ਦਾ ਇਤਿਹਾਸ ਹੈ। ਇਸ ਸਤ ਪਦਾਰਥ ਦੀ ਵਿਆਖਿਆ ਅਤੇ ਇਤਿਹਾਸਕ ਗਤੀ ਅਨੂਕੁਲਤਾ ਦੀ ਪੂਰਨ ਪਛਾਣ ਹੀ ਭਾਈ ਸਾਹਿਬ ਦੀ ਇਸ ਭੂਮਿਕਾ ਰਾਂਹੀ ਹੋਈ ਪ੍ਰਤੀਤ ਹੁੰਦੀ ਹੈ।
ਸਿੱਖ ਧਰਮ ਵਿੱਚ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ, ਸਾਰੰਸ਼ਿਕ ਇਤਿਹਾਸ, ਸਵਿਸਥਰਿਕ ਇਤਿਹਾਸ, ਵਿਗਿਆਨਕ ਇਤਿਹਾਸ ‘ਤੇ ਕੋਮਲ ਉਨਰੀ ਇਤਿਹਾਸ ਦਾ ਜ਼ਿਕਰ ਕਰਦੇ ਹਨ। ਇਸ ਵਰਗ ਵਿਸ਼ਲੇਸ਼ਣ ਅੰਦਰ ਸਿੱਖ ਪੰਥ ਦੇ ਸਮੁਚੇ ਗ੍ਰੰਥਾਂ ਅਤੇ ਜਨਮਸਾਖੀਆਂ ਨੂੰ ਅਧਾਰ ਬਣਾਇਆ ਗਿਆ ਹੈ। ਇਸ ਵਰਗੀਕਰਨ ਵਿਚ ਭਾਈ ਸਾਹਿਬ ਇਸ ਤੱਥ ਨੂੰ ਵਧੇਰੇ ਉਗਾੜਦੇ ਹਨ ਕਿ ਸਿੱਖ ਇਤਿਹਾਸ ਸੰਸਾਰ ਇਤਿਹਾਸ ਵਾਂਗ ਸਮੇਂ ਅਤੇ ਸਥਾਨ ਦੀ ਨਿਸ਼ਚਿਤ ਖੜੋਤ ਨੂੰ ਕਬੂਲ ਨਹੀ ਕਰਦਾ। ਇਹ ਇਤਿਹਾਸ ਨਿਰਧਾਰਿਤ ਰੇਖਾ ਅਤੇ ਤਥਾ ਦੀ ਬੰਦਿਸ਼ ਤੋਂ ਅਜ਼ਾਦ ਵਿਚਰਦਾ ਹੈ। ਸਿੱਖ ਇਤਿਹਾਸ ਦੀ ਪ੍ਰਕਿਰਤੀ ਕਾਰਣ ਕਾਰਜਾ ਦੀ ਵਿਉਤਮਈ ਸਥਿਤੀ ਦੀ ਧਾਰਨੀ ਨਹੀ ਸਗੋਂ ਅਰਸ਼ੀ ਨੁਹਾਰ ਅਤੇ ਅੰਤ੍ਰੀਵੀ ਚਾਉ ਦਾ ਸੰਗੀਤ ਹੈ।
ਇਤਿਹਾਸ ਆਪਣੀ ਅਧਿਆਤਮਕ ਪ੍ਰਕ੍ਰਿਰਤੀ ਵਿਚ ਨਿਵੇਕਲੇ ਤੱਥਾ ਨੂੰ ਰੂਪਮਾਨ ਕਰਦਾ ‘ਤੇ ਇਸ ਦੀ ਵਿਆਖਿਆ ਨੂੰ ਵਧੇਰੇ ਵਿਸਥਾਰ ਸਾਹਿਤ ਗ੍ਰਹਿਣ ਕਰਦਾ ਹੈ। ਭਾਈ ਵੀਰ ਸਿੰਘ ਇਸ ਨੂੰ ਕੇਵਲ ਗਿਆਨ ਨਹੀ ਮਨਦੇ ਸਗੋਂ ਇਤਿਹਾਸ ਗਿਆਨ ਦਾ ਕੋਈ ਅੰਗ ਹੈ, ਗਿਆਨਮਈ ਕਹਿ ਲਵੋ ਜਾਂ ਗਿਆਨ ਸੰਯੁਕਤ ਮਨ ਲਓ ਪਰ ਇਤਿਹਾਸ ਸ਼ੁਧ ਗਿਆਨ ਸਰੂਪ ਨਹੀ ਹੈ।
ਈਸਾਈਆਂ ਦੇ ਇਤਿਹਾਸ ਨੂੰ ਅੰਗ ਪ੍ਰਤਯੰਗ ਗਯਾਨ ਸਰੂਪ ਮੰਨਣਾ ਇਸ ਤਰ੍ਹਾਂ ਵੀ ਪ੍ਰਤੀਤ ਹੋ ਜਾਂਦਾ ਹੈ, ਜੈਸਾ ਕਿ ਇਕ ਪ੍ਰਸਿਧ ਲੇਖਕ ਲੈਬਰ ਥੋਨੀਅਰ(Lebor Thonier) ਦੇ ਹੇਠ ਲਿਖੇ ਖਿਆਲ ਤੋਂ ਸਪਸ਼ਟ ਹੋ ਜਾਂਦਾ ਹੈ। ਉਹਨਾ ਦੇ ਲਿਖੇ ਦਾ ਪ੍ਰਭਾਵ ਇਹ ਹੈ ਕੀ “ਜੇ ਕਦੇ ਅੰਜੀਲ ਦੀ ਕਹਾਣੀ ਗਉਣ ਹੈ ਇਹ ਨਿਸ਼ਚਿਤ ਇਸ ਅਰਥ ਵਿਚ ਗਉਣ ਨਹੀ ਕਿ ਉਸ ਵਾਕਿਆਤ ਦੀ ਇਤਿਹਾਸਕ ਸਚਾਈ ਉਪਰ ਸ਼ੱਕ ਹੋ ਜਾਂਦਾ ਹੈ। ਇਸ ਦੇ ਉਲਟ ਅੰਜੀਲ ਦਾ ਮਤ, ਆਪਣੇ ਇਤਿਹਾਸ ਤੋਂ ਵੱਖ ਹੋ ਕੇ ਕਾਫ਼ਰ ਹੋ ਜਾਵੇਗਾ ਕਿਓਂ ਕਿ ਇਸ ਧਰਮ ਦੀ ਬਣਤਰ ਹੀ ਉਹਨਾਂ ਉਘੀਆ ਘਟਨਾਵਾਂ ਦੀ ਹੈ ਜਿਨ੍ਹਾਂ ਦੁਆਰਾ ਅਸਲੀਅਤ ਆਪਣੇ ਆਪ ਨੂੰ ਪ੍ਰਗਟ ਕਰਦੀ ਹੈ। ਇਸ ਤਰਾਂ ਹੀ ਵਾਈਟ ਹੈਡ’ ਨਾਮੀ ਸਾਇੰਸਵੇਤਾ ਆਪਣੀ ਪੁਸਤਕ (Religion in the Making ) ਵਿਚ ਲਿਖਦਾ ਹੈ ਕਿ ਈਸਾਈ ਮਤ ਆਪਣੀ ਟੇਕ ਧਾਰਮਿਕ ਵਾਕਿਆਤ ‘ਤੇ ਰਖਦਾ ਹੈ। ਏਸੇ ਇਤਿਹਾਸਿਕ ਨੁਕਤੇ ਦੀ ਅਧਿਆਮਕਤਾ ਨੂੰ ਭਾਈ ਵੀਰ ਸਿੰਘ ਆਪਣੇ ਇਤਿਹਾਸਿਕ ਪਰਿਪੇਖ ਵਿਚ ਇਸ ਪ੍ਰਕਾਰ ਦਰਸਾਉਂਦੇ ਹਨ ਕਿ ਇਸ ਇਤਿਹਾਸ ਵਿਚ ਵਸਤੂ ਸਮਗਰੀ ਦੀ ਸ਼ਮੂਲਿਅਤ ਅਤੇ ਬ੍ਰਿਤਾਂਤਕ ਸਮਝ ਸਮੇਂ ਦੇ ਯਥਾਰਥ ਨੂੰ ਹਰ ਇਕ ਹਿੱਸੇ ਅਤੇ ਸਥਾਨ ਵਿੱਚ ਪ੍ਰਗਟ ਕਰਨ ਦੀ ਸਮਰਥਾ ਰਖਦੀ ਹੈ ਭਾਵ ਕੇ ਸਮਾਜ ਸੱਚ ਦੀ ਭਾਲ ਸਮੇਂ ਦੇ ਵਿਸਤਾਰ ਅਤੇ ਤਬਦੀਲੀ ਵਿਚ ਲਬਦਾ ਹੈ ਪਰ ਇਹ ਵਿਸਥਾਰ ਅਤੇ ਤਬਦੀਲੀ ਪਦਾਰਥ ਦੇ ਹੁਕਮੀ ਪਾਸਾਰ ਦਾ ਹੀ ਹਿੱਸਾ ਹੈ ਜਿਹੜਾ ਕਿ ਅਧਿਆਤਮਕ ਅੰਸ਼ਾ ਦੀ ਵਿਆਖਿਆ ਪ੍ਰਸਤੁਤ ਕਰਦਾ ਹੈ। ਇਤਿਹਾਸ ਆਪਣੇ ਅਧਿਆਤਮਕ ਭਾਵ-ਸੰਸਾਰ ਵਿੱਚ ਹੀ ਸੰਤੁਲਿਤ ਪਰਿਪੇਖ ਧਾਰਨ ਕਰ ਸਕਦਾ ਹੈ। ਏਹੋ ਗੱਲ ਨਿਊਮੈਨ ਨੇ ਆਪਣੇ ਮਜ਼ਹਬ ਬਾਬਤ ਕਹੀ ਸੀ ਕਿ ਨਦੀ ਆਪਣੇ ਸੋਮੇ ਕੋਲ ਹੀ ਸਭ ਤੋ ਵਧ ਨਿਰਮਲ ਹੁੰਦੀ ਹੈ। ਇਸ ਪ੍ਰਕਾਰ ਇਤਿਹਾਸ ਅਧਿਆਤਮਕ ਊਰਜਾ ਦੇ ਸਾਥ ਵਿਚ ਹੀ ਆਪਣੇ ਤੱਥਾਂ ਨੂੰ ਪੂਰਨ ਰੂਪ ਵਿਚ ਉਜਾਗਰ ਕਰ ਸਕਦਾ ਹੈ।
ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀਆਂ ਦਿਸ਼ਾਵਾਂ ਪੂਰਵ ਨਿਸ਼ਚਿਤ ਇਤਿਹਾਸਕ ਪਰਿਪੇਖ ਦੀਆਂ ਧਾਰਨੀ ਨਹੀ ਹਨ।ਇਤਿਹਾਸਕ ਪੱਖ ਤੋ ਦੇਖਿਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਭਾਈ ਵੀਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਚੋਜਾਂ ਨੂੰ ਇਤਿਹਾਸ ਦੀ ਰੰਗ ਭੂਮੀ ਤੇ ਚਿਤਰਿਆ ਤਾਂ ਹੈ ਪਰ ਇਤਿਹਾਸਕ ਵਿਧੀ ਨੂੰ ਆਧਾਰ ਨਹੀ ਬਣਾਇਆ ।ਇਤਿਹਾਸਕ ਵਿਧੀ ਨੂੰ ਆਧਾਰ ਨਾ ਬਣਾਉਣ ਦਾ ਕਾਰਣ ਡਾਕਟਰ ਬਲਵੀਰ ਸਿੰਘ ਇਸ ਤਰ੍ਹਾਂ ਦਰਸਾਉਦੇ ਹਨ ਕਿ ਕੇਵਲ ਇਤਿਹਾਸਕ ਸਚਾਈਆਂ ਮਿਤੀਕਾਰੀ ਦੇ ਜੰਗਲ ਵਿਚ ਫਸ ਜਾਦੀਆਂ ਹਨ ਤੇ ਇਸ ਤਰ੍ਹਾਂ ਮਹਾਨ ਆਤਮਾ ਤੋਂ ਪ੍ਰਗਟ ਹੁੰਦੇ ਇਖਲਾਕੀ ਉਤਸ਼ਾਹ ਦੇ ਜੋਸ਼ ਤੋਂ ਵਾਜੇਂ ਰਹਿ ਜਾਦੇ ਹਨ।ਭਾਈ ਵੀਰ ਸਿੰਘ ਦੀ ਕਿਸੇ ਰਚਨਾ ਦਾ ਵਿਉਂਤ ਉਸਾਰਨ ਦਾ ਢੰਗ ਵੱਖਰਾ ਸੀ। ਇਸ ਵਿਉਂਤ ਦਾ ਆਧਾਰ ਇਤਿਹਾਸਕ ਥਿੱਤਾਂ ਆਦਿ ਨਹੀਂ ਸਨ। ਥਿੱਤਾ ਦਾ ਸੂਤਰ ਉਹ ਮਗਰੋਂ ਕਾਇਮ ਕਰ ਲੈਂਦੇ ਸਨ, ਪਰ ਕੇਵਲ ਇੱਕ ਭਾਵ ਦੀਆਂ ਕਿਸੇ ਸਮੇਂ ਜਾਂ ਸਥਾਨ ਦੀਆਂ ਘਟਨਾਵਾਂ ਨੂੰ ਜੌ ਆਪਣੇ ਆਪ ਵਿਚ ਸੁਤੰਤਰ ਅਤੇ ਸੰਪੂਰਨ ਹੁੰਦੀਆਂ ਸਨ ਨੂੰ ਉਲੀਕ ਲੈਂਦੇ ਸਨ ਅਤੇ ਥਿੱਤਾਂ ਅਨੁਸਾਰ ਸੂਤਰਬੰਦ ਕਰ ਲੈਂਦੇ ਸਨ। ਇਹ ਇੱਕ ਅਲੌਕਿਕ ਸ਼ੈਲੀ (ਵਿਧੀ) ਸੀ। ਜੋ ਕੇਵਲ ਲਿਖਣ ਕਲਾ ਨਹੀਂ ਸੀ ਤੇ ਨਾਂ ਹੀ ਸਧਾਰਨ ਨਿਯਮਾਂ ਦੀ ਪਾਲਣਾ ਸੀ। ਇਹ ਆਪਣੇ-ਆਪ ਵਿਚ ਇਤਿਹਾਸ ਨੂੰ ਲਿਖਣ ਦਾ ਸੰਪੂਰਨ ਢੰਗ ਸੀ ਜੋ ਕਿ ਵਿਸ਼ੇਸ਼ ਤੌਰ ਤੇ ਭਾਈ ਵੀ ਸਿੰਘ ਦੇ ਅੰਦਰੋਂ ਇਸ ਤਰ੍ਹਾਂ ਉਗਮਿਆ ਸੀ ਜਿਵੇਂ ਪ੍ਰਕਿਰਤੀ ਦੀਆਂ ਚੀਜ਼ਾ ਉਗੰਮਦੀਆਂ ਹਨ। ਭਾਈ ਵੀਰ ਸਿੰਘ ਇਤਿਹਾਸਕ ਵਿਧੀ ਨੂੰ ਆਧਾਰ ਨਾ ਬਣਾਉਣ ਬਾਰੇ ਆਪਣੀ ਭੂਮਿਕਾ ਵਿਚ ਦਰਸਾਉਦੇ ਹਨ ਕਿ ਨਿਰੇ ਸੰਮਤਾ ਤਰੀਕਾ ਤੇ ਵਾਕਿਆਤ ਦੀਆਂ ਸੂਚੀ ਪਤਰਾਂ ਨਾਲ ਇਤਿਹਾਸਕ ਕਾਲ ਲੇਖਾ ਪਤਾ ਤਾਂ ਲੱਗਦਾ ਹੈ ਪਰ ਜੀਵਨ ਰੁਮਕੋ ਰੌਆਂ ਨਹੀ ਮਾਰ ਉਠਦੇ।ਹਾਂ ਜੀਵਨ ਲਹਿਰਾਂ ਤਾਂ ਵਲਵਲੇ ਵਿਚ ਆਉਦੀਆਂ ਹਨ। ਉੱਚੇ ਜੀਵਨ ਲਈ ਉੱਚੇ ਜੀਵਨ ਹੀ ਅੱਖਾਂ ਅੱਗੇ ਆਉਣ ਤਾਂ ਲਾਭ ਹੁੰਦਾ ਹੈ। ਪਰ ਇਹ ਜੇ ਕੁੱਝ ਘਟੇ ਤਾਂ ਫੇਰ ਉੱਚੇ ਜੀਵਨ ਜੀਕੂ ਵਸਰ ਹੋਏ ਹੂ-ਬ-ਹੂ ਉਨ੍ਹਾਂ ਦੀਆਂ ਮਾਨੋ ਜਿਉਂਦੀਆਂ ਤਸਵੀਰਾਂ ਅੱਖਾਂ ਅੱਗੇ ਆ ਜਾਣ ਤਾਂ ਵੀ ਲਾਭ ਹੁੰਦਾ ਹੈ।(ਕਲਗੀਧਰ ਚਮਤਕਾਰ, ਪੰਨਾ 4)
ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀ ਉਪਰੋਕਤ ਇਤਿਹਾਸਕ ਵਿਧੀ ਜੀਵਨ ਦੀ ਸਦੀਂਵੀ ਸਵੱਛਤਾ ਅਤੇ ਰਵਾਨਗੀ ਦਾ ਧਰਵਾਸ ਪੈਦਾ ਕਰਦੀ ਹੈ। ਚਮਤਕਾਰਾਂ ਦੀ ਅੰਤਰਭਾਵੀ ਪ੍ਰਕਿਰਤੀ ਇਤਿਹਾਸਕ ਤੌਰ ਨੂੰ ਜ਼ਿੰਦਗੀ ਦੀ ਨੇੜਤਾ ਵਿਚ ਅਜਿਹੀ ਧਰਵਾਸ ਪ੍ਰਦਾਨ ਕਰ ਰਹੀ ਹੈ ਜਿਸ ਧਰਵਾਸ ਨਾਲ ਜੀਵਨ ਕਣੀ ਗੁਰੂ-ਸਮਰਪਣ ਅਤੇ ਵਿਸਮਾਦ ਵਿਚ ਮੌਲਦੀ ਹੈ। ਇਸੇ ਜੀਵਨ ਕਣੀ ਵਿਚ ਆਸਵੰਤ ਪ੍ਰਤਿਭਾ ਆਪਣੇ ਸੰਪੂਰਨ ਆਦਰਸ਼ ਨੂੰ ਵੀ ਧਾਰਨ ਕਰਦੀ ਹੈ।
ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਚਮਤਕਾਰਾ ਦੀ ਸ਼ੈਲੀ ਸਿੱਖ ਅਨੁਭਵ ਅਤੇ ਅਧਿਆਤਮਕ ਜਗਿਆਸਾ ਨੂੰ ਰੂਪਮਾਨ ਕਰਦੀ ਹੈ। ਇਹਨਾਂ ਦੀ ਸ਼ੈਲੀ ਦੀਆ ਕਲਾਤਮਿਕ ਛੂਹਾਂ ਦੈਵੀ ਰਸਿਕਤਾ ਨਾਲ ਭਰਪੂਰ ਹਨ। ਜਿੰਦਗੀ ਦੇ ਕੁਲ ਵਰਤਾਰਿਆ ਦੀ ਸਮਝ ਅਤੇ ਰਮਝ ਇਸ ਸ਼ੈਲੀ ਰਾਂਹੀ ਪ੍ਰਗਟ ਹੁੰਦੀ ਹੈ। ਸ਼ੈਲੀ ਦਾ ਮੁਹਾਂਦਰਾ ਉਸ ਸਮੇਂ ਦੇ ਪ੍ਰਚਲਿਤ ਭਾਸ਼ਾਈ ਪ੍ਰਬੰਧਾ(ਅਰਬੀ, ਫ਼ਾਰਸੀ, ਸੰਸਕ੍ਰਿਤ ਅਤੇ ਅੰਗਰੇਜੀ) ‘ਚੋਂ ਊਰਜਾ ਗ੍ਰਹਿਣ ਨਹੀ ਕਰਦਾ ਸਗੋਂ ਸਿੱਖ ਸੁਰਤਿ ਦੀ ਗਿਆਨਮਈ ਪ੍ਰਤਿਬਾ ਦਾ ਅਦਰਸ਼ਕ ਪ੍ਰਤੀਬਿੰਧ ਸਿਰਜਦਾ ਹੈ। ਇਸ ਪ੍ਰਤੀਬਿੰਬ ‘ਚੋ ਪੈਦਾ ਹੋਈ ਕਲਾਤਮਕ ਰਵਾਨਗੀ ਸ਼ਬਦਾਂ ਦੀਆ ਵਿਚਾਰਧਾਰਾਈ ਸਗਲੀਆਂ ਨਹੀ ਬਣਾਉਂਦੀ ਸਗੋਂ ਉਸ ਵਿਚਲੀ ਅੰਲਕਾਰਿਕ ਸਮਰਥਾਂ ਨੂੰ ਭਾਸ਼ਾਈ ਪ੍ਰਬੰਧ ਦੇ ਅਰਥ ਪਸਾਰਾ ਤੋਂ ਪਾਰ ਪੇਸ਼ ਕਰਦੀਆਂ ਹਨ। ਗੁਰੂ ਕਾਲ ਦੇ ਦ੍ਰਿਸ਼ਾ ਦਾ ਚਰਿਤਰਣ ਅਤੇ ਸਭਿਆਚਾਰਕ ਵਿਵਹਾਰ ਦੀ ਨਿਰੰਤਰਤਾ ਨੂੰ ਚਰਿਤਦੇ ਹੋਏ ਭਾਈ ਸਾਹਿਬ ਬਸਤੀਵਾਦੀ ਦੋਰ ਦੀ ਪ੍ਰਚਲਿਤ ਸ਼ੈਲੀ ਦੀ ਖੜੋਤ ਨੂੰ ਤੋੜ ਦਿੰਦੇ ਹਨ। ਜਿਸ ਵਿਚ ਭਾਵਾਂ ਦੀ ਰਵਾਂਨਗੀ, ਵਿਚਾਰਧਰਾਈ ਦਵੰਧ, ਨਿਸ਼ਚਿਤ ਮਾਪਦੰਡ, ਇਤਿਹਾਸ ਦੇ ਅਧੁਰੇ ਪ੍ਰਤੀਕਰਮ ਅਤੇ ਮਨੋਵਿਗਿਆਨਕ ਵਿਕਾਸ ਪ੍ਰਕਿਰਿਆ ਮਾਨਵੀ ਧਰਾਤਲ ਮੁਤਾਬਿਕ ਗੁਰੂ ਦਾ ਮਾਨਵੀ ਚਰਿਤਰ ਪੇਸ਼ ਕਰ ਰਹੀ ਸੀ। “ਭਾਈ ਵੀਰ ਸਿੰਘ ਨੇ ਇਸ ਸ਼ੈਲੀ ਦੇ ਵਪਰਿਤ ਅਧਿਆਤਮਕ ਸ਼ਬਦ ਅਲੰਕਾਰ ਦਾ ਚਿਤਰਨ ਪ੍ਰਸਤੁਤ ਕੀਤਾ ਹੈ, ਜੋ ਅਕਸਰ ਸੁਖਮ, ਜਟਿਲ ਅਤੇ ਗੰਭੀਰ, ਸ਼ਾਤੀ ਦੇ ਭਾਵ ਨੂੰ ਪ੍ਰਗਟ ਕਰਦੀ ਹੈ। ਇਸ ਸ਼ੈਲੀ ਵਿਚ ਅੰਨਦ ਦਾ ਅਰਥ ਯੁਕਤ ਪ੍ਰਭਾਵ ਉਮੜ-ਉਮੜ ਪੈਂਦਾ ਹੈ।“ (ਗੁਰਚਰਨ ਸਿੰਘ, ਭਾਈ ਵੀਰ ਸਿੰਘ ਦੀ ਸਾਹਿਤਕ ਪ੍ਰਤੀਬਾ ਪੰਨਾ 118)
ਭਾਈ ਸਾਹਿਬ ਦੇ ਚਮਤਕਾਰਾ ਦੀ ਦਿਸ਼ਾ ਪੂਰਵ ਵਿਆਖਿਆਵਾਂ ਅਨਰੂਪ ਕਾਰਜ ਨਹੀ ਕਰਦੀ ਜਿਸ ਵਿਚ ਵਿਅਕਤੀਗਤ ਅਤੇ ਆਪਹੁੰਦਰੇ ਮਾਨਸੀਕ ਝੁਕਾਅ, ਇਤਿਹਾਸ ਦੇ ਤੱਥਮੁਲਕ ਵੇਰਵੇ, ੳਮਾਜਿਕ ਅਤੇ ਮਾਨਵੀ ਸਰੋਕਾਰਾ ਦੀ ਚੜਤ ਅਤੇ ਪ੍ਰਭਾਵੀ ਅਨੁਕਰਣ, ਵਿਚਾਰਧਾਰਈ ਦੰਵੰਧ ਦਾ ਪਰਿਪੇਖ ਕਾਰਜਸ਼ੀਲ ਰਹਿੰਦਾ ਹੈ। ਭਾਈ ਸਾਹਿਬ ਜੀਵਨੀ ਮੂਲਕ ਇਤਿਹਾਸ ਅਤੇ ਇਤਿਹਾਸਕ ਵੇਰਵੇਆ ਦੇ ਤੱਥਮੂਲਕ ਵਰਣਨ ਤੋਂ ਪਾਰ ਸਾਖੀ ਅਨੁਭਵ ਦਾ ਦਬਿੱਤਾਮਈ ਰਸ ਪ੍ਰਦਾਨ ਕਰਦੇ ਹਨ। ਜਿਸ ਵਿਚ ਗਿਆਨ ਅਧਾਰਿਤ ਸਿੱਖ ਸੁਰਤ ਦਾ ਪ੍ਰਗਾਸ ਮੋਜੂਦ ਰਹਿੰਦਾ ਹੈ। ਚਮਤਕਾਰਾਂ ਤੋਂ ਬਿਨ੍ਹਾਂ ਸੰਥਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਉਪਰੋਕਤ ਪ੍ਰਭਾਵ ਸ਼ਾਮਿਲ ਰਹਿੰਦੇ ਹਨ।
ਗੁਰੁ ਜੀਵਨ ਦਾ ਬ੍ਰਿਤਾਤਕ ਵਰਣਨ ,ਲੜੀਵਾਰ ਸੰਕੇਤਕ ਵੇਰਵੇ ਅਤੇ ਸਿਰਜਣਾਤਮਕ ਪ੍ਰਗਟਾਅ ਚਮਤਕਾਰਾ ਅੰਦਰ ਬਾਹਰਲੀ ਮਨੁੱਖੀ ਜਿੰਦਗੀ ਦਾ ਅਨੁਸਣ ਨਹੀ ਸਗੋਂ ਅੰਦਰੂਨੀ ਸਫਰ ਦਾ ਅਧਿਆਤਮਕ ਖਿੜਾਅ ਹੈ।ਇਸ ਖਿੜਾਅ ਅੰਦਰ ਸੁਰਤਿ ਦਾ ਗੁਰਮੁੱਖ ਵਾਲਾ ਅਕਸ ਖੁੱਲਦਾ ਹੇੈ।ਗੁਰਮੁਖ ਅਤੇ ਮਨਮੁਖ ਦੀ ਅੰਦਰੀਨੀ ਕਸ਼ਮਕਸ਼ ਦਾ ਤਣਾਓ ਗੁਰੁ ਚੋਜਾ ਦੇ ਰਹਿਸ ਰਾਂਹੀ ਨਮੂਦਾਰ ਹੂੰਦਾ ਹੈ। ਚਮਤਕਾਰਾ ਦੇ ਸਾਥ ਵਿਚ ਸਿੱਖ ਅਨੁਭਵ ਦੇ ਸਮੁਚੇ ਉਤਾਰੇ ਸ਼ਾਮਿਲ ਰਹਿੰਦੇ ਹਨ। ਜਿਸ ਵਿਚ ਪੁਰਾਤਨ ਗ੍ਰੰਥਾ ਦੇ ਹਵਾਲੇ ਅਤੇ ਪ੍ਰਭਾਵ ਚਮਤਕਾਰਾ ਦੀ ਪ੍ਰਕੀਤੀ ਅੰਦਰ ਗਿਆਨ ਦੇ ਤੇਜ ਨੂੰ ਵਧੇਰੇ ਪ੍ਰਚੰਡ ਕਰਦੇ ਹਨ।
ਭਾਈ ਵੀਰ ਸਿੰਘ ਜੀ ਆਪਣੇ ਚਮਤਕਾਰਾ ਰਾਂਹੀ ਗੁਰੁ ਜੋਤ ਨੂੰ ਗੁਰੁ ਵਿਅਕਤੀ ਵਾਲੀ ਵਿਆਖਅਿਾ ਨੂੰ ਬਾਹਰ ਕਰਦੇ ਹਨ। ਇਹਨਾਂ ਚਮਤਕਾਰਾ ਰਾਂਹੀ ਗੁਰਬਾਣੀ ਦੀ ਗੂੰਜ ਦਾ ਵਿਸਮਾਤ ਅਤੇ ਗੁਰੁ ਸੰਦੇਸ਼ ਨੂੰ ਦ੍ਰਿੜਤਾ ਨਾਲ ਮੂਰਤੀਮਾਨ ਕੀਤਾ ਗਿਆ ਹੈ। ਅਤੇ ਦੁਜੇ ਪਾਸੇ ਭਾਈ ਵੀਰ ਸਿੰਘ ਦਾ ਮਨੋਰਥ ਗੁਰਸਿੱਖਾ ਦੀ ਘਾਲਣਾ ਨੂੰ ਸਾਹਿਤਕ ਆਸ਼ਿਆਂ ਰਾਂਹੀ ਪ੍ਰਕਾਸ਼ਮਾਨ ਕਰਨਾ ਰੀਹਾ ਹੈ। ਤਾਰਨ ਸਿੰਘ ਦਾ ਉਪਰੋਕਤ ਕਥਨ ਭਾਈ ਵੀਰ ਸਿੰਘ ਦੀ ਉਸ ਵਿਆਖਿਆ ਵਲ ਇਸ਼ਾਰਾ ਕਰ ਰੀਹਾ ਹੈ ਜਿਸ ਵਿਚ ਭਾਈ ਵੀਰ ਸਿੰਘ ਇਖ ਪਾਸੇ ਵਿਅਕਤੀ ਵਾਧੀ ਨਿਜ਼ਾਮ ਦੇ ਨਿਰਧਾਰਿਤ ਇਤਿਹਾਸਕ ਮਾਪਦੰਡ ਵਾਲੀ ਵਿਆਖਿਆ ਅਤੇ ਚਿੰਨਤਨ ਵਾਲੀਆਂ ਦਿਸ਼ਾਵਾਂ ਨੂੰ ਮੁਕਤ ਕਰਵਾ ਰਹੇ ਸਨ ਅਤੇ ਦੁਸਰੇ ਪਾਸੇ ਸਿੱਖ ਸਭਿਆਤਾ ਦੇ ਨਕਸ਼ਾ ਨੂੰ ਸਾਖੀ ਅਨੁਭਵ ਰਾਂਹੀ ਪ੍ਰਗਟਾ ਰਹੇ ਸਨ। ਉਜਨਾਂ ਦੇ ਅਜੇਹੇ ਯਤਨ ਹੀ ਗੁਰ ਪਰਤਾਪ ਸੂਰਜ ਗ੍ਰੰਥ ਦੀ ਸੰਪਾਦਨਾ ਕਾਰਜ ਰਾਂਹੀ ਅਭਿਵਅਕਾ ਹੂਮਦੇ ਹਨ। ਜਿਸ ਦੀ ਸੰਪਾਦਨਾ ਦੇ ਨਾਲ ਲਗਭਗ ਸਮੁਚੇ ਵੱਡੇ ਗੁਰੂਦੁਆਰਿਆ ਵਿਚ ਇਸ ਦੀ ਕਥਾ ਹੋਣ ਲਗੀ ਅਤੇ ਨਾਲ ਹੀ ਪੁਰਾਤਣ ਗ੍ਰੰਥਾ ਦੀ ਆਧੂਨੀਕ ਸਮੇਂ ਵਿਚ ਹਾਜਰੀ ਦੇ ਨਾਲ ਸਿੱਖ ਸਭਿਆਤਾ ਦੇ ਪੁਰਾਤਣ ਨਕਸ਼ ਪੂਰਨ ਸੁਰਜੀਤ ਹੋਣੇ ਸ਼ੁਰੂ ਹੋਏ।
ਇਸ ਪ੍ਰਭਾਵ ਸਦਕਾ ਹੀ ਬਸਤੀਵਾਧੀ ਧਰਮ ਨਿਰਪੇਖ ਅਤੇ ਅਨੁਭਵਤਾ ਦਾ ਪ੍ਰਭਾਵ ਘਟਨਾ ਸ਼ੁਰੂ ਹੋ ਗਿਆ ਅਤੇ ਲੋਕ ਕਥਾ ਰਾਂਹੀ ਗੁਰੁ ਜਸ ਤੋ ਪ੍ਰਭਾਵਿਤ ਹੋਏ ਅਤੇ ਇਸ ਦੇ ਪਿਆਰ ਨੇ ਉਹਨਾ ਨੁੰ ਗੁਰੁ ਘਰ, ਸਿੱਖ ਅਤੇ ਸਾਦ-ਸੰਗਤ ਨਾਲ ਜੋੜਿਆ।ਬਾਈ ਵੀਰ ਸਿੰਘ ਦਾ ਸੰਪਾਦਕ ਕਾਰਜ ਸਾਖਿਆ ਦੇ ਰੂਪ ਵਿੱਚ, ਪ੍ਰਚਿਨ ਪੰਥ ਪ੍ਰਕਾਸ਼ ਦੇ ਰੂਪ ਵਿਚ , ਸਿੱਖਾ ਦੀ ਭਗਤ ਮਾਲਾ ਦੇ ਰੂਪ ਵਿਚ ਕੇਚਲ ਸਿੰਘ ਸਭਾ ਦੇ ਨਿਰਧਾਰਿਤ ਵਿਚਾਰਾ ਪ੍ਰਬੰਧ ਤੇ ਪ੍ਰਚਾਰ ਨੂੰ ਹੀ ਨਿਰਧਾਰਿਤ ਨਹੀ ਕਰਦਾ ਸਗੋਂ ਬਸਤੀਵਾਦੀ ਨਿਜ਼ਾਮ ਰਾਹੀ ਹੋ ਰਹੇ ਸੰਪਾਦਕੀ ਕਾਰਜ ਦੀਆ ਮੂਲ਼ ਪ੍ਰਵਿਰਤੀਆ ਦੇ ਬਦਲਾਅ ਦਾ ਰਸਤਾ ਵੀ ਸੀ।
ਬਾਈ ਵੀਰ ਸਿੰਘ ਜੀ ਦਾ ਯੁਗ ਪੰਜਾਬ ਉਤੇ ਅੰਗਰਜ਼ੀ ਸਮਾਜ ਦੀ ਪ੍ਰਭੁਤਾ ਤੇ ਰਾਜਸੀ ਨੀਤਿ ਫਲ ਦੇ ਸਰੂਪ ਰਣਜੀਤ ਸਿੰਘ ਦੇ ਰਾਜ ਵਿੱਚ ਪੈਦਾ ਹੋਏ ਪੰਜਾਬੀ ਰਾਸ਼ਟਰਵਾਦ ਦੇ ਵਿਗਠਨ ਦਾ ਯੁੱਗ ਬਣ ਕੇ ਸਾਹਮਣੇ ਆੳਦਾ ਹੈ। ਇਸ ਯੁੱਗ ਵਿਚ ਬਹੁ ਸਾਂਸਕ੍ਰਿਤਕ ਚਰਿਤਰ ਵਾਲੀ ਪੰਜਾਬੀ ਸਾਹਿਤਕ ਪਰੰਪਰਾ ਇਕਹਰੇ ਸੰਪਰਦਾਇਕ ਚਰਿਤਰ ਵਿਚ ਸਿਮਟਣੀ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਸਿੱਟੇ ਵਜੋ ਉਨੀਵੀ ਸਦੀ ਦੇ ਅੰਤਮ ਦਹਾਕੇ ਵਿਚ ਜਦ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਉਹ ਪੂਰਵ ਵੀਰ ਸਿੰਘ ਯੁੱਗ ਦੇ ਮੁਸਲਮਾਨ ਕਵਿਆਂ ਦੀ ਕਵਿਤਾ ਤੋਂ ਲਗਭਗ ਪੂਰੀ ਤਰਾਂ ਵਖਰਾ ਰਿਹਾ। (Attar Singh, The secular principle in modern punjabi poetry, Page 33) ਅੱਤਰ ਸਿੰਘ ਦੀ ਉਪਰੋਕਤ ਟਿਪਣੀ ਭਾਵੇ ਕਿ ਭਾਈ ਵੀਰ ਸਿੰਘ ਦੀ ਸਿਰਜਣਾ ਦੀ ਵੱਖਰਤਾ ਨੂੰ ਸਥਾਪਿਤ ਕਰਦੀ ਹੈ, ਪਰ ਭਾਈ ਵੀਰ ਸਿੰਘ ਦੀ ਇਸ ਮਹੋਲ ਅੰਦਰ ਕੇਵਲ ਦੁਸਰੀਆਂ ਪ੍ਰਤੀਨਿਧ ਧਾਰਵਾਂ
ਅਤੇ ਸਿਰਜਣਾਤਮਕ ਪ੍ਰਤਿਵਾਵਾਂ ਤੋਨ ਵੱਖਰਤਾ ਹੀ ਨਹੀ ਸੀ ਸਗੋ ਉਹਨਾਂ ਦੀ ਆਤਮਿਕ ਅਤੇ ਚਿੰਤਨਮਈ ਕਮਾਈ ਸਪਤ-ਸਿੰਧੁ ਦੀ ਅਦਰਸ਼ਕ ਪ੍ਰਤਿਭਾ ਦੀ ਸਥਾਮਤੀ ਚਾਹੁੰਦੀ ਸੀ ਜਿਸ ਸਥਾਪਤੀ ਵਿਚ ਸ਼ਬਦ ਅਨੁਰੂਪ ਗਿਆਨ ਅਤੇ ਸੁਹਜ- ਸ਼ਾਸਤਰ ਸਿਰਜਿਆ ਜਾ ਸਕੇ। ਦੁਸਰੀਆਂ ਪਰਪਰਾਵਾਂ ਵਿਚ ਉਸ ਸਮੇਂ ਟੈਗੋਰ ਦੀ ਸਾਹਿਤਕ ਅਤੇ ਰਾਸ਼ਟਰਵਾਦੀ ਪ੍ਰਵਿਤੀ ਭਾਰਤੀ ਅਧਿਆਤਮਕਤਾ ਨਾਲ ਪੂਰੀ ਤਰਾ ਇਕ ਸੁਰ ਨਹੀ ਸੀ ਅਤੇ ਨਾ ਹੀ ਸ਼੍ਰੀ ਅਰਬਿੰਦੂ ਆਪਣੀ ਅਧਿਆਤਮਕ ਅਤੇ ਸਿਰਜਨਾਤਮਕ ਕਮਾਈ ਰਾਂਹੀ ਬਸਤੀਵਾਦੀ ਨਿਜ਼ਾਮ ਦੇ ਸਾਹਮਨੇ ਭਾਰਤੀ ਆਦਰਸ਼ਕਤਾ ਦੀ ਸ਼ਬਦ ਅਨੁਰੂਪ ਦੀ ਸਾਂਝੀ ਕੜੀ ਸ਼ਥਾਪਤ ਕਰ ਰਹੇ ਸਨ। ਮੁਹਮਦ ਇਕਬਾਲ ਵੀ ਰਾਸ਼ਟਰੀ ਚੇਤਨਾ ਦੇ ਪ੍ਰਭਾਵ-ਮੂਲਕ ਸਿਰਜਨਾਤਮਕ ਵਿਸਤਾਰ ਤੇ ਸ੍ਵੈ-ਹੋਂਦ ਦੀ ਤਬੀਅਤ ਰਾਂਹੀ ਨਿਸ਼ਚਤ ਅਧਾਰਾ ਦੀ ਸਰੰਚਨਾ ਬਣਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਸਪਤਸਿੰਧੂ ਦੇ ਸਭਿਆਚਾਰਾਕ ਨਕਸ਼ਾ ਦੀ ਤਲਾਸ਼ ਕਰਦਾ ਹੋਇਆ ਭਾਰਤੀ ਰਾਸ਼ਟਰ ਦੀ ਸਰਬ ਸਾਂਝੀ ਇਕਸੁਰਤਾ ਨੂੰ ਦਰਸਾ ਰਿਹਾ ਸੀ। ਭਾਈ ਵੀਰ ਸਿੰਘ ਇਸ ਸਮੇਂ ਆਪਣੀ ਸਿਰਜਣਾ ਅਤੇ ਚਿੰਤਨ ਰਾਂਹੀ ਭਾਰਤੀ ਅਧੀਆਤਮਕਤਾ ਦੇ ਮੂਲ ਆਧਾਰ ਸਰੋਤਾ ਨਾਲ ਇਕ ਸੁਰ ਰੂਪ ਵਿਚ ਸਿਰਜਣਾ ਕਰ ਰਹੇ ਸਨ। ਭਾਈ ਵੀਰ ਸਿੰਘ ਦੇ ਰਾਜਨੀਤਕ ਅਵਚੇਤਨ ਨੂੰ ਮੋਜੂਦਾ ਰਾਸ਼ਟਰਵਾਦੀ, ਜੁਜਾਰੂ ਤੇ ਸ਼ਾਤਮਈ ਨੀਤੀਆਂ ਮੁਤਾਬਕ ਨਹੀ ਪ੍ਰਖੀਆ ਜਾ ਸਕਦਾ ਕਿਉ ਕਿ ਇਹ ਰਾਸ਼ਟਰਵਾਦੀ ਨਿਤਿਆ ਭਾਰਤ ਦੀ ਮੂਲ਼ ਅਧਿਆਤਮਕ ‘ਚੋ ਜਾਗਦੇ ਰਾਜਨੀਤੀਕ ਪਸਾਰਾ ਨਾਲ ਸਮੋਜੋਤਾ ਕਰ ਕਿ ਹੀ ਜਨਮਦੀਆ ਸਨ। ਭਾਈ ਵੀਰ ਸਿੰਘ ਨੇ ਸ਼ਬਦ ਤੇ ਸ਼ਰੂਤੀ ‘ਚੋ ਉਪਜਦੇ ਗਿਆਨ ਅਤੇ ਸਿਰਜਨਾ ਨਾਲ ਸਮਜੌਤਾ ਨਹੀ ਕੀਤਾ ਤੇ ਭਾਰਤ ਦੀ ਸ਼ੁਧ ਆਤਮਾ ਨੂੰ ਬਚਾਉਣ ਵਿਚ ਵਡੀ ਭੂਮੀਕਾ ਨਿਭਾਈ ਹੈ।

ਭਾਰਤੀ ਜੀਵਨ ਅਤੇ ਸੰਸਕ੍ਰਿਤੀ ਉੱਤੇ ਪੱਛਮੀ ਸਾਹਿਤ ਅਤੇ ਸਭਿਆਚਾਰ ਦਾ ਪ੍ਰਭਾਵ ਕੋਈ ਇਕਹਰੀ ਸਪਾਟ ਘਟਨਾ ਨਹੀ ਸਗੋਂ ਜਿਵੇਂ-ਜਿਵੇਂ ਭਾਰਤ ਨੇ ਇਹ ਪ੍ਰਭਾਵ ਗ੍ਰਹਿਣ ਕੀਤਾ,ਅਤੀਤ ਦੇ ਆਦਰਸ਼ੀਕਰਣ,ਪੱਛਮ ਦੀ ਪਦਾਰਥਕ ਉਨਤੀ ਦੇ ਮੁਕਾਬਲੇ ਵਿਚ ਭਾਰਤ ਦੀ ਅਧਿਆਤਮਕ ਸ਼ੇ੍ਰਸ਼ਟਤਾ ਦੇ ਦਾਅਵੇਂ ਅਤੇ ਨਵੀਂ ਪੈਦਾ ਹੋ ਰਹੀ ਰਾਸ਼ਟਰਵਾਦੀ ਭਾਵਨਾ ਦੇ ਰੂਪ ਵਿਚ ,ਭਾਰਤ ਵਿਚ ਪੱਛਮੀ ਪ੍ਰਭਾਵਾਂ ਦਾ ਵਿਰੋਧ ਵੀ ਸ਼ੁਰੂ ਹੌ ਗਿਆ।(ਕਰਮਜੀਤ ਸਿੰਘ,ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ,ਪੰਨਾ-57) ਬਾਈ ਵੀਰ ਸਿੰਘ ਨੇਇਸ ਵਿਰੋਧ ਦੇ ਬਾਵਜੂਦ ਆਪਣੀ ਅਭਿਆਸ ਕਮਾਈ ਦੀ ਲਗਾਤਾਰ ਧਾਰਾ ਹੀ ਇਹਨਾਂ ਪਛਮੀ ਪ੍ਰਭਾਵਾ ਦੀ ਸਿਧਾਨਤਕ ‘ਤੇ ਵਿਹਾਰਕ ਰਮਜ ਨੂੰ ਆਤਮ ਸਾਥ ਕੀਤਾ ਅਤੇ ਭਾਰਤੀ ਆਦਰਸ਼ ਦਾ ਅਧਿਆਤਮ ਪ੍ਰਤਿਬਿੰਬ ਇਸ ਸਮੁਚੇ ਤਨਾਅ ਵਿਚ ਬਿਨਾ ਕਿਸੇ ਟਕਰਾਵ ਦੇ ਪੈਦਾ ਕਰ ਦੀਤਾ। ਬਸਤੀਵਾਦੀ ਪੈਟਰਨ ਦਾ ਮੁਖ ਪ੍ਰਯੋਜਨ ਏਸ਼ੀਆ ਦੇ ਗਿਆਨ ਨੂੰ ਕਨੰਟਰੋਲ ਕਰਨਾ ਸੀ ਭਾਈ ਵੀਰ ਸਿੰਘ ਨੇ ਆਪਣੀਆ ਲਿਖਤਾ ਤੇ ਸਮਾਜਿਕ ਸੇਵਾ ਰਾਹੀ ਏਸ਼ੀਆ ਦੇ ਗਿਆਨ ਤੁ ਨਾਇਕਤਾ ਨੂੰ ਇਸ ਕੰਟਰੋਲ ਤੋਂ ਨੁਕਤ ਕਰਵਾਇਆ।
ਭਾਈ ਵੀਰ ਸਿੰਘ ਬਸਤੀਵਾਦੀ ਨਿਜ਼ਾਮ, ਸਿੰਘ ਸਭਾ ਲਹਿਰ, ਸਾਹਿਤਕ ਝੁਕਾਂਵਾ ਅਤੇ ਸਮਾਜਕ ਵਿਆਖਿਆ ਨੂੰ ਅਧਿਆਤਮਕ ਉਚਾਈ ਦਾ ਸਾਥ ਦਿੰਦੇ ਹੋਏ ਆਪਣੀ ਜਿਵਨ ਕਮਾਈ ਰਾਂਹੀ ਸੰਤੁਲਤ ਪਰਿਪੇਖ ਵਿਚ ਢਾਲਦੇ ਰਹੇ ਭਾਵੇ ਕੇ ਬਾਅਦ ਵਿਚ ਬਾਈ ਸਾਹਿਬ ਦੇ ਚਿੰਤਨ ਅਤੇ ਸਿਰਜਨਾ ਬਾਰੇ ਹੇਠ ਲਿਖੀ ਵਿਆਖਿਆ ਵੀ ਪ੍ਰਚਲਤ ਰਹੀ ਕਿ “ਸਿਖ ਧਰਮ ਦੇ ਅਤੀਤ ਕਾਲੀਨ ਗੋਰਵ ਦੀ ਪੁਨਰ ਸਥਾਪਨਾ ਲਈ ਭਾਈ ਵੀਰ ਸਿੰਗ ਦੀ ਰਚਨਾਤਮਕ ਸੰਵੇਦਨਾ ਇਕ ਪਾਸੇ ਸਿੱਖ ਧਾਰਮਕ ਸਮੁਦਾਇ ਦੀ ਪਰੰਪਰਾ ਤੋ ਪ੍ਰਰੇਰਨਾ ਲੈਂਦੀ ਹੈ ਜਿਸ ਦੇ ਆਦਰਸ਼ਾ ਅਤੇ ਪ੍ਰਤਿਮਾਨਾ ਦੀ ਜਨਮ ਭੂਮੀ ਅਤੀਤ ਕਾਲ ਹੈ ਅਤੇ ਕਰਮ ਭੂਮੀ ਬਰਤਾਨਵੀ ਰਾਜ ਦਾ ਪੰਜਾਬ । ਦੂਸਰੇ ਪਾਸੇ ਇਹ ਸੰਵੇਧਨਾ ਆਪਣੇ ਮੱਧ ਵਰਗੀ ਪਿਛੋਕਰ ਅਨੁਸਾਰ ਸੁਧਾਰਵਾਦੀ ਚੇਤਨਾ ਨੂੰ ਉਤਸ਼ਾਹਿਤ ਕਰਨ ਦਾ ਪ੍ਰਗਤੀਸ਼ੀਲ ਰੋਲ ਅਦਾ ਕਰਦੀ ਹੈ। ਇਸ ਤਰਾ ਬਾਈ ਵੀਰ ਸਿੰਘ ਦੀ ਸਥਿਤੀ ਭਾਰਤੀ ਮੱਧ ਸ਼੍ਰੇਣੀਆ ਦੀ ਵਿਆਪਕ ਚੇਤਨਾ ਦੇ ਸਮੴਦਰਭ ਵਿਚ ਪੱਛਮ ਤੋ ਆਈ ਨਵੀ ਰੋਸ਼ਨੀ ਦੇ ਪ੍ਰਭਾਵ ਅਧੀਨ ਨਵ ਜਾਗ੍ਰਤੀ ਦਾ ਮਾਰਗ ਵੀ ਕਰਦੀ ਸੀ ਅਤੇ ਅਪਣੀ ਧਾਰਮਿਕ ਸਮਾਜਕ ਸਮੁਦਾਇ ਦੇ ਇਤਿਹਾਸ ਅਤੇ ਧਰਮ ਭਾਵਨਾ ਦੇ ਅਤੀਤ ਕਾਲੀਨ ਗੋਰਵ ਨੂੰ ਪੁਨਰ ਸੁਰਜੀਤ ਕਰਨ ਲਈ ਵੀ ਯਤਨਸ਼ੀਲ ਸੀ” ।(ਕਰਮਜੀਤ ਸਿੰਘ,ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਆਧਾਰ,ਪੰਨਾ-58) ਉਪਰੋਕਤ ਵਿਆਖਿਆ ਭਾਈ ਵੀਰ ਸਿੰਘ ਦੀ ਸਮੁਚੀ ਸਿਰਜਣਾ ਅਤੇ ਪਰਿਪੇਖ ਵਿਚੋ ਉਜਾਗਰ ਨਹੀ ਹੁੰਦੀ ਸਗੋਂ ਪੰਜਾਬੀ ਚਿੰਤਨ ਦੇ ਇਕਹਰੇ ਅਤੇ ਪ੍ਰਚਲਤ ਧਰਾਵਾਂ ਦੇ ਵਿਸਤਾਰ ਨੂੰ ਦਰਸਾਉਂਦੀ ਹੈ।
ਇਸ ਸਮੁਚੀ ਵਿਚਾਰ ਚਰਚਾ ਦੇ ਅਧਾਰ ਤੇ ਇਹ ਕੀਹਾ ਜਾ ਸਕਦਾ ਹੈ ਕਿ ਭਾਈ ਵੀਰ ਸਿੰਘ ਦੇ ਸਿਰਜਨਾਤਮਕ ਅਤੇ ਚਿੰਤਨਮਈ ਪਰਪੇਖ ਵਿਚ ਸਿੱਖ ਅਧਿਆਤਮਿਕਤਾ ਅਤੇ ਸਪਤ ਸਿੰਧੂ ਦੇ ਸਭਿਆਚਾਰ ਨਕਸ਼ ਉਜਾਗਰ ਹੁੰਦੇ ਹਨ ਜਿਹੜੇ ਕਿ ਬਸਤੀ ਵਾਦੀ ਦੋੜ ਦੀ ਅਦਰਸ਼ਕਤਾ ਅਤੇ ਧਾਰਮਿਕ ਅਨੁਭਵ ਤੋਂ ਅਜਾਦ ਵਿਚਰਦੇ ਹਨ। ਭਾਈ ਵੀਰ ਸਿੰਘ ਦੇ ਇਸ ਵਿਅਕਤਿਤਵ ਨੂੰ ਅਜੇ ਤਕ ਸਿਖ ਚਿੰਤਨ ਨੇ ਨਹੀ ਉਭਾਰਿਆ ਅਤੇ ਨਾ ਹੀ ਅਜੇ ਤਕ ਉਹਨਾਂ ਦੀ ਸਿਰਜਣਾ ਅਤੇ ਚਿੰਤਨ ਦਾ ਅਧਿਆਤਮਕ ਅਤੇ ਸਿਖ ਪਰਿਪੇਖ ਸਿਰਜਿਆ ਹੈ। ਸਿੱਖਾ ਨੂੰ ਭਾਈ ਵੀਰ ਸਿੰਘ ਦੇ ਸ਼ਬਦ ਦੇ ਬ੍ਰਹਮੰਡੀ ਪਸਾਰ ਵਿਚੋ ਰਾਜਨਿਤਿਕ ਅਤੇ ਸਮਾਜੀਕ ਪਹਿਲੂ ਦੀ ਤਲਾਸ਼ ਕਰਦੇ ਹੋਏ ਸਿੱਖ ਸਭਿਆਤਾ ਦੇ ਨਕਸ਼ਾ ਦੀ ਪਹਚਾਣ ਕਰਨੀ ਚਾਹਿਦੀ ਹੈ।

ਰਚਨਾਵਾਂ
ਸੁੰਦਰੀ -ਗਲਪ
ਬਿਜੇ ਸਿੰਘ-ਗਲਪ
ਸਤਵੰਤ ਕੌਰ-ਦੋ ਭਾਗ ਗਲਪ
ਸੱਤ ਔਖੀਆਂ ਰਾਤਾਂ -ਗਲਪ
ਬਾਬਾ ਨੌਧ ਸਿੰਘ -ਗਲਪ
ਸਤਵੰਤ ਕੌਰ ਭਾਗ ਦੂਜਾ -ਗਲਪ
ਰਾਣਾ ਭਬੋਰ -ਗਲਪ
ਦਿਲ ਤਰੰਗ-ਕਾਵਿ ਸੰਗ੍ਰਹਿ
ਤ੍ਰੇਲ ਤੁਪਕੇ-ਕਾਵਿ ਸੰਗ੍ਰਹਿ
ਲਹਿਰਾਂ ਦੇ ਹਾਰ-ਕਾਵਿ ਸੰਗ੍ਰਹਿ
ਮਟਕ ਹੁਲਾਰੇ-ਕਾਵਿ ਸੰਗ੍ਰਹਿ
ਬਿਜਲੀਆਂ ਦੇ ਹਾਰ-ਕਾਵਿ ਸੰਗ੍ਰਹਿ
ਪ੍ਰੀਤ ਵੀਣਾਂ-ਕਾਵਿ ਸੰਗ੍ਰਹਿ
ਮੇਰੇ ਸਾਂਈਆਂ ਜੀਉ-ਕਾਵਿ ਸੰਗ੍ਰਹਿ
ਸ੍ਰੀ ਕਲਗੀਧਰ ਚਮਤਕਾਰ
ਪੁਰਾਤਨ ਜਨਮ ਸਾਖੀ
ਸ੍ਰੀ ਗੁਰੂ ਨਾਨਕ ਚਮਤਕਾਰ
ਭਾਈ ਝੰਡਾ ਜੀਓ
ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ
ਸੰਤ ਗਾਥਾ
ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - ੧ ਤੇ ੨
ਗੁਰਸਿੱਖ ਵਾੜੀ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ
ਸਿਖਾਂ ਦੀ ਭਗਤ ਮਾਲਾ
ਪ੍ਰਾਚੀਨ ਪੰਥ ਪ੍ਰਕਾਸ਼
ਗੰਜ ਨਾਮਹ ਸਟੀਕ
ਸ੍ਰੀ ਗੁਰੂ ਗ੍ਰੰਥ ਕੋਸ਼
ਸ੍ਰੀ ਗੁਰਪ੍ਰਤਾਪ ਸੂਰਜ ਗਰੰਥ
ਦੇਵੀ ਪੂਜਨ ਪੜਤਾਲ
ਪੰਜ ਗ੍ਰੰਥੀ ਸਟੀਕ
ਕਬਿੱਤ ਭਾਈ ਗੁਰਦਾਸ
ਵਾਰਾਂ ਭਾਈ ਗੁਰਦਾਸ
ਬਨ ਜੁੱਧ
ਸਾਖੀ ਪੋਥੀ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :5598
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ