ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਤਬਲਾ ਸਿਧਾਂਤਕ-ਪੱਖ (ਪੁਸਤਕ ਸਮੀਖਿਆ)


ਪੁਸਤਕ – ਤਬਲਾ ਸਿਧਾਂਤਕ-ਪੱਖ
ਲੇਖਕ – ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ: ਰਤਨ ਬ੍ਰਦਰਜ਼ ਅਮ੍ਰਿਤਸਰ।
ਪੰਨੇ : 276, ਮੁੱਲ 30/- ਰੁਪੈ


ਸ੍ਰ: ਇਕਵਾਕ ਸਿੰਘ ਸਿੰਘ ਪੱਟੀ ਖਾਲਸਾ ਪੰਥ ਦੇ ਪ੍ਰਸਿੱਧ ਨਾਮਵਰ ਲੇਖਕ ਹਨ। ਅਕਸਰ ਇਹਨਾਂ ਦੇ ਖੋਜ ਭਰਪੂਰ ਆਰਟੀਕਲ ਅਖਬਾਰਾਂ, ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪ ਜੀ ਨੇ ਕਈ ਹੋਰ ਪ੍ਰਸਿੱਧ ਪੁਸਤਕਾਂ ਦੀ ਰਚਨਾਂ ਵੀ ਕੀਤੀ ਹੈ। ਭਾਈ ਸਾਹਿਬ ਜੀ ਦਾ ਸੰਗੀਤ ਖੇਤਰ ਨਾਲ ਵੀ ਵਿਸ਼ੇਸ਼ ਲਗਾਓ ਹੈ। ਆਪ ਜੀ ਨੇ ਸਿੱਖ ਮਿਸ਼ਨਰੀ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ 3 ਸਾਲਾ ਗੁਰਮਤਿ ਸੰਗੀਤ ਕੋਰਸ ਦੇ ਤਬਲਾ ਵਾਦਨ ਵਿੱਚੋਂ 204 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਸਿੱਧ ਤਬਲਾ ਵਾਦਕ ਪ੍ਰੋ: ਬਲਜੀਤ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਅਤੇ ਉਸਤਾਦ ਮੁਰਲੀ ਸ੍ਰੀਵਾਸਤਵ ਅਤੇ ਹੋਰ ਮਹਾਨ ਉਸਤਾਦਾਂ ਪਾਸੋਂ ਤਬਲਾ ਵਾਦਨ ਦੀ ਤਾਲੀਮ ਹਾਸਲ ਕਰ ਕੇ ਸਖ਼ਤ ਮਿਹਨਤ, ਲਗਨ, ਹਿੰਮਤ ਕਰਕੇ ਆਪ ਜੀ ਨੇ ਤਬਲਾ ਵਾਦਨ ਵਿੱਚ ਚੰਗਾ ਜਸ ਨਾਮਣਾ ਖੱਟਿਆ ਹੈ।
ਸ੍ਰ: ਇਕਵਾਕ ਸਿੰਘ ਪੱਟੀ ਨੇ ਡੂੰਘਾ ਅਧਿਐਨ ਕਰਕੇ ਬੜੀ ਲਗਨ ਅਤੇ ਮਿਹਨਤ ਨਾਲ ਤਬਲੇ ਦੇ ਥਿਊਰੀ ਪੱਖ ਤੋਂ ਪੰਜਾਬੀ ਬੋਲੀ ਵਿੱਚ ਬਹੁਤ ਹੀ ਖੋਜ ਭਰਪੂਰ ਪੁਸਤਕ ‘ਤਬਲਾ ਸਿਧਾਂਤਕ-ਪੱਖ’ ਤਿਆਰ ਕੀਤੀ ਹੈ। ਭਾਵੇਂ ਇਸ ਤੋਂ ਪਹਿਲਾਂ ਤਬਲੇ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਵੀ ਅਨੇਕਾਂ ਪੁਸਤਕਾਂ ਮਿਲਦੀਆਂ ਹਨ ਪਰ ਕਿਸੇ ’ਚੋਂ ਸਿਧਾਂਤਕ ਪੱਖ ਸਬੰਧੀ ਭਰਪੂਰ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਵਿਦਿਆਰੀਆਂ ਨੂੰ ਇਮਤਿਹਾਨਾਂ ਵੇਲੇ ਬਹੁਤ ਦਿੱਕਤ-ਮੁਸ਼ਕਲ ਆਉਂਦੀ ਸੀ। ਅਨੇਕਾਂ ਪੁਸਤਕਾਂ ਵਿੱਚੋਂ ਵੀ ਲੋੜੀਂਦੀ ਸਮੱਗਰੀ ਪ੍ਰਾਪਤ ਨਹੀਂ ਹੁੰਦੀ। ਸ੍ਰ: ਪੱਟੀ ਦਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ ਇਸ ਪੁਸਤਕ ਵਿੱਚ ਤਬਲੇ ਦੇ ਹਨ ਪੱਖ ਨੂੰ ਛੋਹਿਆ ਗਿਆ ਹੈ। ਵਿਦਿਆਰਥੀ ਵਰਗ ਲਈ ਇਹ ਪੁਸਤਕ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਇਸ ਪੁਤਸਕ ਨੂੰ ਚਾਰ ਭਾਗਾਂ ਵਿੱਚ ਵਡਿਆ ਗਿਆ ਹੈ।
ਤਬਲਾ ਸਿਧਾਂਤਕ ਪੱਖ ਪੁਸਤਕ ਦੇ ਪਹਿਲੇ ਭਾਗ ਵਿੱਚ ‘ਤਬਲੇ ਦਾ ਇਤਿਹਾਸ’ ਲੇਖ ਵਿੱਚ ਵੱਖ-ਵੱਖ ਵਿਦਵਾਨ ਸੰਗੀਤਕਾਰਾਂ ਦੇ ਵਿਚਾਰ ਅਕਿਤ ਕੀਤੇ ਹਨ। ਇਸੇ ਤਰ੍ਹਾਂ ਮ੍ਰਿਦੰਗ/ਪਖਾਵਜ ਦਾ ਇਤਿਹਾਸ, ਉਤਪੱਤੀ ਅਤੇ ਬਣਤਰ, ਤਬਲੇ ਦੇ ਅੰਗਾਂ ਬਾਰੇ, 10 ਪ੍ਰਾਣ, ਤਬਲੇ ਦੇ ਘਰਾਣਿਆਂ ਬਾਰੇ, ਭਾਤਖੰਡੇ ਅਤੇ ਵਿਸ਼ਣੂ ਦਿਗੰਬਰ ਤਾਲ ਪੱਧਤੀ, ਪੱਛਮੀ ਤਾਲ ਪੱਧਤੀ, ਦੱਖਣੀ ਤਾਲ ਪੱਧਤੀ, ਕਰਨਾਟਕ ਤਾਲ ਪੱਧਤੀ ਦੀਆਂ ਜਾਤੀਆਂ ਸੰਗੀਤ-ਲੋਕ ਸੰਗੀਤ ਵਿੱਚ ਤਾਲ ਦਾ ਮਹੱਤਵ, ਗੁਰਮਤਿ ਸੰਗਤਿ ਵਿੱਚ ਤਬਲੇ ਦਾ ਸਥਾਨ, ਗਾਇਨ, ਵਾਦਨ-ਨ੍ਰਿਤ ਨਾਲ ਤਬਲੇ ਦੀ ਸੰਗਤ, ਜੁਗਲਬੰਦੀ, ਤਬਲਾ ਵਾਦਕ ਦੇ ਗੁਣ-ਅਵਗੁਣ ਆਦਿ ਵਿਸ਼ਿਆਂ ਬਾਰੇ ਖੋਜ ਭਰਪੂਰ ਲੇਖ ਹਨ।
ਦੂਜੇ ਭਾਗ ਵਿੱਚ ਤਬਲੇ ਦੇ ਪਰਿਭਾਸ਼ਕ ਸ਼ਬਦ ਜਿਵੇਂ ਕਿ ਤਾਲ, ਸਮ, ਤਾਲੀ-ਖਾਲੀ, ਲ਼ੈਅਕਾਰੀਆਂ, ਗਤ ਕਾਇਤਾ, ਪਰਨ, ਅੱਵਨੱਧ ਵਾਦਿਯ, ਘਣ ਵਾਦਿਯ ਅਤੇ ਹੋਰ ਵੀ ਪਰਿਭਾਸ਼ਕ ਸ਼ਬਦਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੈ।
ਪੁਸਤਕ ਦੇ ਤੀਜੇ ਭਾਗ ਵਿੱਚ ਤਬਲੇ ਦੇ ਵੱਖ-ਵੱਖ ਘਰਾਣਿਆਂ ਦੇ ਪ੍ਰਾਚੀਨ ਅਤੇ ਨਵੀਨ 44 ਪ੍ਰਸਿੱਧ ਉਸਤਾਦ ਤਬਲਾ ਵਾਦਕ ਦੀਆਂ ਜੀਵਨੀਆਂ ਹਨ, ਜਿਨ੍ਹਾਂ ਵਿੱਚ ਉਸਤਾਦ ਬਹਾਦਰ ਸਿੰਘ, ਪ੍ਰੋ. ਰਣਜੀਤ ਸਿੰਘ ਯੂ.ਐੱਸ.ਏ., ਉਸਤਾਦ ਲਛਮਣ ਸਿੰਘ, ਉਸਤਾਦ ਕੁਲਵਿੰਦਰ ਸਿੰਘ ਅਤੇ ਪੁਰਾਤਨ ਉਸਤਾਦਾਂ ਵਿੱਚੋਂ ਉਸਤਾਦ ਕਰੀਮ ਬਖ਼ਸ਼, ਉਸਤਾਦ ਅੱਲਾ ਰੱਖਾ ਖਾਂ, ਉਸਤਾਦ ਜ਼ਾਕਿਰ ਹੁਸੈਨ, ਉਸਤਾਦ ਅਹਿਮਦ ਜਾਨ ਥਿਰਕਵਾ, ਪਡਿਤ ਕਿਸ਼ਨ ਮਹਾਰਾਜ, ਪਡਿਤ ਕੰਠੇ ਮਹਾਰਾਜ, ਭਾਈ ਸੰਤੂ ਜੀ, ਭਾਈ ਨਸੀਰਾ ਜੀ, ਉਸਤਾਦ ਮਲੰਗ ਖਾਂ, ਉਸਤਾਦ ਨਨੂ ਸਹਾਇ ਆਦਿ ਵਿਸ਼ੇਸ਼ ਹਨ।
ਤਬਲਾ ਸਿਧਾਂਤਕ ਪੱਖ ਪੁਸਤਕ ਦੇ ਚੌਥੇ ਭਾਗ ਵਿੱਚ ਤਬਲੇ ਦੇ ਪ੍ਰਚਾਲਿਤ ਤਾਲਾਂ ਦਾ ਵੇਰਵਾ ਦਿੱਤਾ ਗਿਆ ਹੈ। ਤਿੰਨ ਤਾਲ, ਤਿਲਵਾੜਾ, ਸਵਾਰੀ ਤਾਲ, ਝੂਮਰਾ ਤਾਲ, ਆੜਾਚਾਰ ਤਾਲ, ਧਮਾਰ ਤਾਲ, ਰੁਦਰ ਤਾਲ, ਝਪਤਾਲ, ਮੱਤਤਾਲ, ਬਸੰਤ ਤਾਲ, ਪਉੜੀ ਤਾਲ, ਰੂਪਕ ਤਾਲ, ਕਹਿਰਵਾ ਤਾਲ ਆਦਿ ਤਾਲਾਂ ਦਾ ਪਰੀਚੈ ਸਾਹਿਤ ਵਰਣਨ ਹੈ। ਜੇਕਰ ਇਨ੍ਹਾਂ ਤਾਲਾਂ ਦੇ ਨਾਲ ਕਾਇਦੇ ਪਲਟੇ ਆਦਿ ਸਮੱਗਰੀ ਵੀ ਦਿੱਤੀ ਜਾਂਦੀ ਤਾਂ ਹੋਰ ਵੀ ਵਧੀਆਂ ਹੋਣਾ ਸੀ। ਸ੍ਰ. ਇਕਵਾਕ ਸਿੰਘ ਪੱਟੀ ਨੇ ਇਹ ਖੋਜ ਭਰਪੂਰ ਅਤੇ ਕਾਬਿਲ-ਏ-ਤਾਰੀਫ਼ ਪੁਸਤਕ ਲਿਖ ਕੇ ਸੰਗੀਤ ਖੇਤਰ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਹਿੱਤ ਭਾਰੀ ਯੋਗਦਾਨ ਪਾਇਆ ਹੈ। ਸ੍ਰ. ਇਕਵਾਕ ਸਿੰਘ ਪੱਟੀ ਵਧਾਈ ਦੇ ਪਾਤਰ ਹਨ। ਉਮੀਦ ਕਰਦੇ ਹਾਂ ਕਿ ਇਸ ਪੁਸਤਕ ਤੋਂ ਤਬਲੇ ’ਤੇ ਡਿਗਰੀ-ਡਿਪਲੋਮਾ ਕੋਰਸ ਕਰਨ ਵਾਲੇ ਵਿਦਿਆਰਥੀ ਪੂਰਨ ਲਾਹਾ ਖੱਟਣਗੇ।

ਲੇਖਕ : ਭਾਈ ਅਵਤਾਰ ਸਿੰਘ ਹੰਸ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :4383

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ