ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਰਿਫ਼ ਗੋਬਿੰਦਪੁਰੀ

ਆਰਿਫ਼ ਗੋਬਿੰਦਪੁਰੀ
ਪੰਜਾਬੀ ਗਜ਼ਲ ਸਕੂਲਾਂ ਵਿੱਚ ਆਰਿਫ਼ ਗੋਬਿੰਦਪੁਰੀ ਆਪਣੀ ਪਹਿਲੀ ਪੁਸਤਕ "ਮੇਰੇ ਤੁਰ ਜਾਣ ਤੋਂ ਮਗਰੋਂ" (ਲੋਕ-ਗੀਤ ਪ੍ਰਕਾਸ਼ਨ, 209) ਤੋਂ ਬਾਅਦ ਵੀ ਲਗਾਤਾਰ ਸਾਹਿਤ-ਸਿਰਜਣਾ ਵਿੱਚ ਮਸ਼ਰੂਫ ਹੈ। ਗ਼ਜ਼ਲ ਪਰੰਪਰਾ ਵਿੱਚ ਦਿੱਲੀ, ਆਗਰਾ ਅਤੇ ਲਖਨਊ ਅਜਿਹੇ ਸੁਹਜਮਈ ਪ੍ਰਮਾਣਿਕ ਸਥਾਨ ਰਹੇ ਹਨ, ਜਿਨ੍ਹਾਂ ਵਿੱਚ ਗ਼ਜ਼ਲ ਆਪਣੀ ਸੰਪੂਰਨ ਉਚਾਈ ਸਹਿਤ ਪ੍ਰਗਟ ਹੁੰਦੀ ਰਹੀ ਹੈ। ਇਨ੍ਹਾਂ ਸਥਾਨਾਂ ਦਾ ਵਿਸਥਾਰਿਤ ਰੂਪ ਹੀ ਗ਼ਜ਼ਲ ਪਰੰਪਰਾ ਦੇ ਅਗਲੇਰੇ ਸਥਾਨਾਂ ਦੀ ਰਹਿਨੁਮਾਈ ਕਰਦਾ ਹੈ। ਗ਼ਜ਼ਲ ਪਰੰਪਰਾ ਦੀ ਜ਼ੁਬਾਨ ਦਾ ਰਸਿਕ ਅਤੇ ਗਿਆਨ-ਸ਼ਾਸਤਰੀ ਵਰਤਾਰਾ ਊਰਦੂ ਅਤੇ ਫ਼ਾਰਸੀ ਜ਼ਰਖੇਜ਼ ਰਾਹੀਂ ਧਰਾਤਲ ਦਾ ਅਨੁਸਾਰੀ ਰਿਹਾ ਹੈ। ਜਿਸ ਵਿੱਚ ਮੀਰ-ਤਕੀ-ਮੀਰ, ਇਕਬਾਲ, ਗ਼ਾਲਿਬ, ਜ਼ੌਕ, ਫੈਜ਼-ਅਹਿਮਦ-ਫੈਜ਼, ਜ਼ਿਗਰ ਮੁਰਾਦਾਬਾਦੀ ਅਤੇ ਦਾਗ਼ ਦਿਹਲਵੀ ਆਦਿ ਗ਼ਜ਼ਲਗੋ ਆਪਣੇ ਸਿਰਜਣਾਤਮਕ ਅਨੁਭਵ ਦੇ ਸੁਹਜ ਦੀ ਘਾੜਤ ਘੜਦੇ ਰਹੇ ਹਨ।
ਦਾਗ਼ ਦਿਹਲਵੀ ਗ਼ਜ਼ਲ ਪਰੰਪਰਾ ਦਿੱਲੀ ਦੇ ਉਰਦੂ ਗ਼ਜ਼ਲ ਸਕੂਲ ਨਾਲ ਸੰਬਧਿਤ ਹੈ। ਦਾਗ਼ ਦਿਹਲਵੀ ਸਕੂਲ ਦਾ ਗ਼ਜ਼ਲ ਮੁਹਾਵਰਾ ਅਤੇ ਮੁਹਾਂਦਰਾ ਜ਼ਹਿਨੀ ਤੜਫ਼ ਦੀ ਰੁਮਾਂਟਿਕ ਪੇਸ਼ਨਗੋਈ, ਉਡੀਕ, ਮਿਲਾਪ ਅਤੇ ਵੈਰਾਗ ਦੇ ਦਰਦ ਦੀ ਅਜਿਹੀ ਪਰਪੱਕ ਪਰਵਾਜ਼ ਹੈ, ਜਿਸ ਵਿੱਚ ਮੁਗ਼ਲੀਆ ਸੁਹਜ ਤੇ ਟਰਕੀ ਸਲਤਨਤ ਦੀ ਨਫ਼ਾਸਤ ਗ਼ਜ਼ਲ ਦੇ ਦਾਰਸ਼ਨਿਕ ਵਿਧਾਨ ਨੂੰ ਮਹਿਫ਼ਲੀ ਰੰਗਤ ਦੀ ਮੌਸਮੀ ਬਹਾਰ 'ਚੋਂ ਬਾਹਰ ਕੱਢ ਇਸ ਦੇ ਮਲੀਨ ਅੰਦਾਜ਼ ਅਤੇ ਤਨਜ਼ ਨੂੰ ਆਪਣੀ ਨਫ਼ੀਸ ਸ਼ਨਾਖਤ ਵਿੱਚ ਛੁਪਾ ਲੈਂਦੀ ਹੈ। ਮਿਰਜ਼ਾ ਮੁਹੰਮਦ ਫ਼ਕਰੂ (ਬਹਾਦਰ ਸ਼ਾਹ ਜ਼ਫ਼ਰ ਦੇ ਨਜ਼ਦੀਕੀ) ਦੀ ਜ਼ੁਹਦ ਕਮਾਈ ਇਸ ਸਕੂਲ ਨੂੰ ਵਿਲੱਖਣ ਪ੍ਰਤਿਭਾ ਪ੍ਰਦਾਨ ਕਰਦੀ ਹੈ। ਦਾਗ਼ ਦਿਹਲਵੀ ਨੇ ਇਸੇ ਕਮਾਈ ਨੂੰ ਆਪਣੀ ਗ਼ਜ਼ਲ ਦੇ ਕਾਵਿ-ਸ਼ਾਸਤਰੀ ਨੇਮ ਵਿਧਾਨ ਵਿੱਚ ਸੰਗਠਿਤ ਅਰਥਾਂ ਸਹਿਤ ਬਿਆਨ ਕੀਤਾ ਹੈ।
'ਆਰਿਫ਼ ਗੋਬਿੰਦਪੁਰੀ' ਦਾਗ਼ ਦਿਹਲਵੀ ਸਕੂਲ ਦੀ ਪਰੰਪਰਾ ਨੂੰ ਪੰਜਾਬ ਦੀ ਧਰਤੀ ਦੇ ਸਮਾਜ-ਸਭਿਆਚਾਰਕ ਵਰਤਾਰਿਆਂ, ਮਾਨਸਿਕ ਅਤੇ ਨਸਲੀ ਝੁਕਾਵਾਂ, ਆਰਥਿਕ ਵਿਚਾਰ ਪ੍ਰਬੰਧਾਂ, ਰਾਜਨੀਤਕ ਆਪਹੁਦਰੇਪਨ ਅਤੇ ਨੈਤਿਕ ਵਿਧਾਨ ਦੀ ਉਸ ਸੂਖਮ ਅਵਚੇਤਨ ਵਿਚੋਂ ਪਛਾਣਦਾ ਹੈ, ਜਿਸ ਸੂਖਮਤਾ ਵਿੱਚ ਗ਼ਜ਼ਲ ਦੀ ਦਾਰਸ਼ਨਿਕਤਾ ਅਵਚੇਤਨ ਦੇ ਦਮਿਤ ਪੜਾਵਾਂ ਅਤੇ 'ਅੰਤਰ' ਦੇ ਖਲਾਵਾਂ (ਮੌਤ ਅਤੇ ਦੁੱਖ ਤੱਕ ਦੀ ਪਰਵਾਜ਼) ਨੂੰ ਉਸ ਸੰਗਠਿਤ ਅਰਥ-ਪ੍ਰਬੰਧ ਦਾ ਅਨੁਭਵ ਪ੍ਰਦਾਨ ਕਰਦੀ ਹੈ, ਜਿਸ ਵਿੱਚੋਂ ਲਿਖਤ ਦਾ ਪ੍ਰਤੀਕ ਸੰਸਾਰ ਅਤੇ ਸੰਗੀਤਕ ਮੰਡਲ ਉਤਪਨ ਹੁੰਦਾ ਹੈ । ਉਸਦੀ ਗ਼ਜ਼ਲ ਦੇ ਪੈਟਰਨ ਮਹਿਫ਼ਿਲ ਦੀ ਰੰਗੀਨੀ ਅਤੇ ਰੋਮਾਂਸ ਦੀ ਪਹਿਲ ਤਾਜ਼ਗੀ ਦੇ ਮੁਹਤਾਜ ਨਾ ਹੋ ਕੇ ਅਨੁਭਵ ਦੀ ਦਾਰਸ਼ਨਿਕਤਾ ਨੂੰ ਗਿਆਨ-ਸ਼ਾਸਤਰ ਦਾ ਪ੍ਰਵਚਨ ਪ੍ਰਦਾਨ ਕਰਦੇ ਹਨ।
ਪੰਜਾਬੀ ਗ਼ਜ਼ਲ ਵਿੱਚ ਦਾਗ਼ ਗ਼ਜ਼ਲ ਸਕੂਲ ਪਰੰਪਰਾ ਅਤੇ ਮੁਹਾਵਰੇ ਨੂੰ ਰੂਪਮਾਨ ਕਰਨ ਅਤੇ ਉਸਤਾਦੀ ਦੇ ਪ੍ਰੋੜ ਨਿਯਮਾਂ ਨੂੰ ਮੌਲਿਕ ਪ੍ਰਤੀਕ ਵਿਧਾਨ ਰਾਹੀਂ ਪੰਜਾਬੀ ਸ਼ਾਗਿਰਦੀ ਵਿਚ ਉਤਾਰਨ ਵਿੱਚ ਆਪ ਦਾ ਵੱਢਮੁੱਲਾ ਯੋਗਦਾਨ ਰਿਹਾ ਹੈ। ਪੰਜਾਬੀ ਗ਼ਜ਼ਲ ਸਕੂਲਾਂ ਦੀ ਅਭਿਆਸ ਕਮਾਈ ਵਿੱਚ (ਪਿੰਗਲ ਅਤੇ ਅਰੂਜ਼ ਦੀ ਸ਼ਾਸਤਰੀ ਪਰੰਪਰਾ) ਆਪ ਜੀ ਦੀ ਸੁਹਿਰਦਤਾ ਪੰਜਾਬੀ ਗ਼ਜ਼ਲ ਵਿੱਚ ਨਿਵੇਕਲੀਆਂ ਦਿਸ਼ਾਵਾਂ ਨੂੰ ਉਜਾਗਰ ਕਰ ਰਹੀ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :795
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ